AusAlert ਕੀ ਹੈ?
AusAlert ਇੱਕ ਰਾਸ਼ਟਰੀ ਚਿਤਾਵਨੀ ਪ੍ਰਣਾਲੀ ਹੈ, ਜੋ ਮੋਬਾਈਲ ਫ਼ੋਨ, ਟੈਬਲੇਟ ਅਤੇ ਸਮਾਰਟ ਘੜੀਆਂ ਵਰਗੀਆਂ ਢੁੱਕਵੀਆਂ ਮੋਬਾਈਲ ਡਿਵਾਈਸਾਂ ਨੂੰ ਐਮਰਜੈਂਸੀ ਸੁਨੇਹੇ ਭੇਜਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਹੇਠ ਲਿਖੀਆਂ ਸਥਾਨਕ ਅਤੇ ਰਾਸ਼ਟਰੀ ਐਮਰਜੈਂਸੀਆਂ ਦੌਰਾਨ ਤੁਹਾਨੂੰ ਸੂਚਿਤ ਅਤੇ ਬਿਹਤਰ ਤਰੀਕੇ ਨਾਲ ਤਿਆਰ ਰੱਖਣ ਵਿੱਚ ਮਦਦ ਕਰਨ ਦਾ ਇਹ ਇੱਕ ਤੇਜ਼ ਅਤੇ ਭਰੋਸੇਮੰਦ ਤਰੀਕਾ ਹੈ ਜਿਵੇਂ ਕਿ:
- ਜੰਗਲ ਦੀਆਂ ਅੱਗਾਂ (ਬੁਸ਼ਫਾਇਰਜ਼)
- ਹੜ੍ਹ
- ਚੱਕਰਵਾਤ
- ਸੁਨਾਮੀਆਂ
- ਗੰਭੀਰ ਤੂਫ਼ਾਨ ਜਾਂ ਮੌਸਮ ਦੀਆਂ ਘਟਨਾਵਾਂ
- ਜਨਤਕ ਸਿਹਤ ਦੀਆਂ ਐਮਰਜੈਂਸੀਆਂ
- ਸੁਰੱਖਿਆ ਖ਼ਤਰੇ
- ਜੈਵ-ਸੁਰੱਖਿਆ (ਬਾਇਓਸਕਿਓਰਿਟੀ) ਘਟਨਾਵਾਂ।
ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ, ਜਾਂ ਤੁਸੀਂ ਕਿਸੇ ਹੋਰ ਦੇਸ਼ ਤੋਂ ਯਾਤਰਾ ਕਰ ਰਹੇ ਹੋ, ਤਾਂ ਤੁਸੀਂ AusAlert ਪ੍ਰਾਪਤ ਕਰ ਸਕਦੇ ਹੋ, ਜੇ ਤੁਸੀਂ ਉਸ ਖੇਤਰ ਵਿੱਚ ਹੋ ਜਿਸ ਵਿੱਚ ਕੋਈ ਐਮਰਜੈਂਸੀ ਜਾਂ ਆਫ਼ਤ ਆਉਂਦੀ ਹੈ।
ਆਸਟ੍ਰੇਲੀਆਈ ਦੇ ਸਿਮ ਕਾਰਡ ਜਾਂ ਈ-ਸਿਮ ਤੋਂ ਬਿਨਾਂ ਵੀ ਢੁੱਕਵੀਆਂ ਮੋਬਾਈਲ ਡਿਵਾਈਸਾਂ ਦੁਆਰਾ AusAlerts ਪ੍ਰਾਪਤ ਕੀਤੇ ਜਾ ਸਕਦੇ ਹਨ।
ਢੁੱਕਵੀਆਂ ਮੋਬਾਈਲ ਡਿਵਾਈਸਾਂ ਵਿੱਚ iPhones 11 ਅਤੇ ਇਸ ਤੋਂ ਉਪਰ, iOS 26.4 ਜਾਂ ਇਸ ਤੋਂ ਬਾਅਦ ਦੇ ਪ੍ਰੋਗਰਾਮਾਂ ਨਾਲ ਚੱਲ ਰਹੇ, ਅਤੇ Android 12 ਜਾਂ ਇਸ ਤੋਂ ਬਾਅਦ ਦੇ ਪ੍ਰੋਗਰਾਮਾਂ ਨਾਲ ਚੱਲਣ ਵਾਲੇ Android ਫ਼ੋਨ ਅਤੇ ਟੈਬਲੇਟ ਸ਼ਾਮਲ ਹਨ।
ਤੁਸੀਂ AusAlert 'ਤੇ ਭਰੋਸਾ ਕਰ ਸਕਦੇ ਹੋ
AusAlert ਨੂੰ ਆਸਟ੍ਰੇਲੀਆ ਸਰਕਾਰ ਦੁਆਰਾ ਵਿਕਸਤ ਕੀਤਾ ਗਿਆ ਹੈ, ਅਤੇ ਇਹ ਸੁਰੱਖਿਅਤ ਹੈ।
AusAlert:
- ਕਦੇ ਵੀ ਤੁਹਾਡੇ ਨਿੱਜੀ ਜਾਂ ਵਿੱਤੀ ਵੇਰਵਿਆਂ ਬਾਰੇ ਨਹੀਂ ਪੁੱਛੇਗੀ
- ਤੁਹਾਡੀ ਨਿੱਜੀ ਜਾਣਕਾਰੀ ਨੂੰ ਨਹੀਂ ਜਾਣਦੀ ਜਾਂ ਸੰਭਾਲ ਕੇ ਨਹੀਂ ਰੱਖਦੀ
- ਤੁਹਾਡਾ ਫ਼ੋਨ ਨੰਬਰ ਨਹੀਂ ਜਾਣਦੀ ਜਾਂ ਸੰਭਾਲ ਕੇ ਨਹੀਂ ਰੱਖਦੀ
- ਤੁਹਾਡੇ ਟਿਕਾਣੇ ਦਾ ਪਤਾ ਨਹੀਂ ਰੱਖਦੀ ਹੈ
- ਤੁਹਾਨੂੰ ਸਾਈਨ ਅੱਪ ਕਰਨ ਦੀ ਲੋੜ ਨਹੀਂ ਹੈ।
AusAlert ਪ੍ਰਾਪਤ ਕਰਨਾ
AusAlert ਸੁਨੇਹੇ ਤੁਹਾਡੇ ਕੋਲ ਅੰਗਰੇਜ਼ੀ ਵਿੱਚ ਆਉਣਗੇ। ਜੇ ਤੁਸੀਂ ਕਿਸੇ ਹੋਰ ਦੇਸ਼ ਤੋਂ ਆਸਟ੍ਰੇਲੀਆ ਆ ਰਹੇ ਹੋ, ਜਾਂ ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ AusAlert ਨੂੰ ਪੜ੍ਹਨਾ ਅਤੇ ਸਮਝਣਾ ਮੁਸ਼ਕਿਲ ਹੋ ਸਕਦਾ ਹੈ।
AusAlert ਇਸ ਤਰ੍ਹਾਂ ਦੀ ਆਵਾਜ਼ ਕਰੇਗੀ।
ਆਪਣੀ ਮੋਬਾਈਲ ਡਿਵਾਈਸ 'ਤੇ ਨਿਰਭਰ ਕਰਨ ਅਨੁਸਾਰ, ਤੁਸੀਂ AusAlert ਸੁਨੇਹੇ ਨੂੰ ਆਪਣੀ ਪਹਿਲੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਯੋਗ ਹੋ ਸਕਦੇ ਹੋ:
ਚਿਤਾਵਨੀ ਨੂੰ ਦਬਾਉਣਾ
ਟੈਕਸਟ ਕਾਪੀ ਕਰਨਾ
ਇਸ ਨੂੰ ਕਿਸੇ ਐਪ ਜਾਂ ਵੈਬਸਾਈਟ ਵਿੱਚ ਪੇਸਟ ਕਰਨਾ ਜੋ ਆਪਣੇ ਆਪ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ।
AusAlerts ਵਿੱਚ ਮਹੱਤਵਪੂਰਨ ਐਮਰਜੈਂਸੀ ਜਾਣਕਾਰੀ ਹੁੰਦੀ ਹੈ।
ਇਨ੍ਹਾਂ ਵਿੱਚ ਸ਼ਾਮਲ ਹੋਣਗੀਆਂ:
- ਐਮਰਜੈਂਸੀ ਦੀ ਕਿਸਮ
- ਇਹ ਕਿੱਥੇ ਹੈ
- ਇਹ ਕਿੰਨੀ ਕੁ ਗੰਭੀਰ ਹੈ
- ਕਿਹੜੀ ਕਾਰਵਾਈ ਕਰਨ ਦੀ ਲੋੜ ਹੈ
- ਵਧੇਰੇ ਜਾਣਕਾਰੀ ਕਿੱਥੇ ਲੱਭੀ ਜਾ ਸਕਦੀ ਹੈ।
ਜੇ ਤੁਸੀਂ ਕੋਈ AusAlert ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਲਈ ਹਿਦਾਇਤਾਂ ਨੂੰ ਪੜ੍ਹਨਾ ਅਤੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
AusAlerts ਦੀਆਂ ਦੋ ਕਿਸਮਾਂ ਹਨ।
ਗੰਭੀਰ ਚਿਤਾਵਨੀਆਂ:
- ਇਨ੍ਹਾਂ ਦੀ ਵਰਤੋਂ ਸਭ ਤੋਂ ਅਤਿਅੰਤ ਐਮਰਜੈਂਸੀਆਂ ਵਿੱਚ ਕੀਤੀ ਜਾਂਦੀ ਹੈ
- ਤੁਹਾਡੇ ਮੋਬਾਈਲ ਡਿਵਾਈਸ ਨੂੰ ਕੰਬਾਉਣ (ਵਾਈਬ੍ਰੇਟ ਕਰਨ)ਅਤੇ ਲੱਗਭਗ 10 ਸਕਿੰਟਾਂ ਲਈ ਉੱਚੀ ਸਾਇਰਨ ਵਰਗੀ ਆਵਾਜ਼ ਕੱਢਣ ਦਾ ਕਾਰਨ ਬਣਦੀਆਂ ਹਨ
- ਉਦੋਂ ਵੀ ਪਹੁੰਚਾਈਆਂ ਜਾਂਦੀਆਂ ਹਨ ਭਾਵੇਂ ਕਿ ਤੁਹਾਡੀ ਡਿਵਾਈਸ 'ਚੁੱਪ' ('ਸਾਈਲੈਂਟ') ਜਾਂ 'ਪਰੇਸ਼ਾਨ ਨਾ ਕਰੋ' ('ਡੂ ਨੌਟ ਡਿਸਟਰਬ') ਵਾਲੀ ਸੈਟਿੰਗ 'ਤੇ ਵੀ ਹੋਵੇ
- ਤੁਹਾਡੀ ਮੋਬਾਈਲ ਡਿਵਾਈਸ ਦੀਆਂ ਸੈਟਿੰਗਾਂ ਵਿੱਚ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ।
ਤਰਜੀਹੀ ਚਿਤਾਵਨੀਆਂ:
- ਇਨ੍ਹਾਂ ਨੂੰ ਉਨ੍ਹਾਂ ਐਮਰਜੈਂਸੀਆਂ ਵਾਸਤੇ ਵਰਤਿਆ ਜਾਂਦਾ ਹੈ, ਜਿੱਥੇ ਖ਼ਤਰੇ ਦਾ ਪੱਧਰ ਵੱਧ ਰਿਹਾ ਹੁੰਦਾ ਹੈ ਕਿਉਂਕਿ ਹਾਲਾਤ ਬਦਲ ਰਹੇ ਹੁੰਦੇ ਹਨ
- ਤੁਹਾਡੀ ਮੋਬਾਈਲ ਡਿਵਾਈਸ ਨੂੰ ਕੰਬਾਉਣ (ਵਾਈਬ੍ਰੇਟ ਕਰਨ) ਅਤੇ ਲੱਗਭਗ 10 ਸਕਿੰਟਾਂ ਲਈ ਉੱਚੀ ਸਾਇਰਨ ਵਰਗੀ ਆਵਾਜ਼ ਕੱਢਣ ਦਾ ਕਾਰਨ ਬਣਦੀਆਂ ਹਨ, ਪਰ ਇਹ ਤੁਹਾਡੀ ਡਿਵਾਈਸ ਦੀਆਂ ਸੈਟਿੰਗਾਂ 'ਤੇ ਨਿਰਭਰ ਕਰਦਾ ਹੈ
- ਉਦੋਂ ਨਹੀਂ ਪਹੁੰਚਾਈਆਂ ਜਾਂਦੀਆਂ ਹਨ ਜਦੋਂ ਤੁਹਾਡੀ ਡਿਵਾਈਸ 'ਚੁੱਪ'('ਸਾਈਲੈਂਟ') ਜਾਂ 'ਪਰੇਸ਼ਾਨ ਨਾ ਕਰੋ' ('ਡੂ ਨੌਟ ਡਿਸਟਰਬ') ਵਾਲੀ ਸੈਟਿੰਗ 'ਤੇ ਹੋਵੇ
- ਤੁਹਾਡੇ ਮੋਬਾਈਲ ਡਿਵਾਈਸ ਦੀਆਂ ਸੈਟਿੰਗਾਂ ਵਿੱਚ ਇਨ੍ਹਾਂ ਨੂੰ ਬੰਦ ਕੀਤਾ ਜਾ ਸਕਦਾ ਹੈ।
ਗੱਡੀ ਅਤੇ ਮੋਟਰ-ਸਾਈਕਲ ਚਲਾਉਣਾ
ਜੇ ਤੁਸੀਂ ਗੱਡੀ ਅਤੇ ਮੋਟਰ-ਸਾਈਕਲ ਚਲਾਉਂਦੇ ਸਮੇਂ AusAlert ਪ੍ਰਾਪਤ ਕਰਦੇ ਹੋ, ਤਾਂ ਸ਼ਾਂਤ ਰਹੋ ਅਤੇ ਆਪਣਾ ਫ਼ੋਨ ਨਾ ਚੁੱਕੋ, ਕਿਉਂਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੈ। ਚਿਤਾਵਨੀ ਦੀ ਆਵਾਜ਼ ਲਗਭਗ 10 ਸਕਿੰਟਾਂ ਬਾਅਦ ਬੰਦ ਹੋ ਜਾਣੀ ਚਾਹੀਦੀ ਹੈ। ਜਦੋਂ ਵੀ ਤੁਸੀਂ ਕਰ ਸਕੋ, ਤਾਂ ਸੁਨੇਹਾ ਪੜ੍ਹਨ ਅਤੇ ਰੁਕਣ ਲਈ ਇੱਕ ਸੁਰੱਖਿਅਤ ਅਤੇ ਕਾਨੂੰਨੀ ਜਗ੍ਹਾ ਲੱਭੋ।
AusAlert ਨੂੰ ਪੜ੍ਹਨ ਵਿੱਚ ਮਦਦ
ਜੇ ਤੁਹਾਨੂੰ AusAlert ਸੁਨੇਹੇ ਨੂੰ ਸਮਝਣ ਲਈ ਮਦਦ ਦੀ ਲੋੜ ਹੈ:
- ਪਰਿਵਾਰ ਦੇ ਜੀਅ, ਦੋਸਤ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜੋ ਅੰਗਰੇਜ਼ੀ ਸਮਝ ਸਕਦਾ ਹੈ ਨੂੰ ਤੁਹਾਡੇ ਵਾਸਤੇ ਇਸ ਨੂੰ ਪੜ੍ਹਨ ਲਈ ਕਹੋ
- ਹੋਰ ਐਮਰਜੈਂਸੀ ਸੰਚਾਰ ਚੈਨਲਾਂ ਦੀ ਜਾਂਚ ਕਰੋ, ਜਿਵੇਂ ਕਿ ਸਥਾਨਕ ਜਾਂ ਰਾਸ਼ਟਰੀ ਟੀਵੀ ਜਾਂ ਰੇਡੀਓ, ਐਪਾਂ ਜਾਂ ਵੈੱਬਸਾਈਟਾਂ
- ਚਿਤਾਵਨੀ ਲੱਭਣ ਲਈ ausalert.gov.au/current-alerts 'ਤੇ ਜਾਓ ਅਤੇ ਕਿਸੇ ਐਪ ਜਾਂ ਵੈੱਬਸਾਈਟ ਦੀ ਵਰਤੋਂ ਕਰਕੇ ਇਸ ਨੂੰ ਆਪਣੀ ਤਰਜੀਹੀ ਭਾਸ਼ਾ ਵਿੱਚ ਅਨੁਵਾਦ ਕਰੋ।
ਜੇ ਤੁਹਾਨੂੰ ਅੰਗਰੇਜ਼ੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਵਾਧੂ ਮਦਦ ਦੀ ਲੋੜ ਹੈ, ਤਾਂ ਇਸ ਸਫ਼ੇ 'ਤੇ ਅਤੇ ਵੈੱਬਸਾਈਟ ਦੇ ਭਾਸ਼ਾਵਾਂ ਵਾਲੇ ਹਿੱਸੇ ਵਿੱਚ ਦਿੱਤੇ ਸਰੋਤ ਮਦਦ ਕਰ ਸਕਦੇ ਹਨ।